ਕੈਨੇਡਾ ਦੇ ਭੁੱਲੇ ਹੋਏ ਦੁਖਾਂਤ ਦੇ ਚਾਲੀ ਸਾਲ ਬਾਅਦ: ਏਅਰ ਇੰਡੀਆ ਫਲਾਈਟ 182 ਦੀਆਂ ਯਾਦਾਂ

By ਡੋਰਸਾ ਡੇਲਾਰਾ, OMNI ਨਿਊਜ਼

ਮਾਂਟਰੀਅਲ ਵਿੱਚ ਆਪਣੇ ਦਫ਼ਤਰ ਦੇ ਅੰਦਰ ਮਹੇਸ਼ ਸ਼ਰਮਾ ਕੁਝ ਮਹੱਤਵਪੂਰਨ ਕਾਗਜ਼ਾਂ ਅਤੇ ਦਸਤਾਵੇਜ਼ਾਂ ਨਾਲ ਘਿਰੇ ਹੋਏ ਸਨ। ਉਨ੍ਹਾਂ ਨੇ ਹੌਲੀ-ਹੌਲੀ ਆਪਣੇ ਮੇਜ਼ ਦੇ ਉੱਪਰ ਰੱਖਿਆ ਇੱਕ ਪਾਰਦਰਸ਼ੀ ਪਲਾਸਟਿਕ ਦਾ ਲਿਫਾਫਾ ਖੋਲ੍ਹਿਆ।

ਸ਼ਰਮਾ ਨੇ ਕਿਹਾ ਉਨ੍ਹਾਂ ਨੇ ਮੈਨੂੰ ਜੋ ਵੀ ਦਿੱਤਾ, ਮੈਂ ਉਸਨੂੰ ਅੰਦਰ ਰੱਖ ਦਿੱਤਾ। ਉਨ੍ਹਾਂ ਨੇ ਮੈਨੂੰ ਇਸ ਤਰ੍ਹਾਂ ਦਿੱਤਾ। ਮੈਂ ਇਸਨੂੰ ਇਹ ਦੇਖਣ ਲਈ ਨਹੀਂ ਖੋਲ੍ਹਿਆ ਕਿ ਅੰਦਰ ਕੀ ਹੈ,”।

ਬੈਗ ਵਿੱਚ ਉਨ੍ਹਾਂ ਦੀਆਂ ਮ੍ਰਿਤਕ ਧੀਆਂ ਦੇ ਕੱਪੜੇ ਅਤੇ ਨਿੱਜੀ ਸਮਾਨ ਸੀ। ਉਸਦੀਆਂ ਦੋ ਧੀਆਂ ਸੰਧਿਆ ਅਤੇ ਸਵਾਤੀ, ਪਤਨੀ ਉਮਾ ਅਤੇ ਉਨ੍ਹਾਂ ਦੀ ਸੱਸ ਸ਼ਕੁੰਤਲਾ 40 ਸਾਲ ਪਹਿਲਾਂ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਮਹੇਸ਼ ਸ਼ਰਮਾਂ ਦੇ ਪਰਿਵਾਰ ਦੇ ਚਾਰ ਮੈਂਬਰ ਗਰਮੀਆਂ ਦੀਆਂ ਛੁੱਟੀਆਂ ਲਈ ਭਾਰਤ ਜਾ ਰਹੇ ਸਨ।

ਉਨ੍ਹਾਂ ਦੀਆਂ ਲਾਸ਼ਾਂ ‘ਤੇ ਨੰਬਰ ਲਿਖੇ ਹੋਏ ਸਨ। ’25’ ਮੇਰੀ ਛੋਟੀ ਧੀ ਲਈ ਹੈ,” ਮਹੇਸ਼ ਨੇ ਬੈਗ ਵੱਲ ਇਸ਼ਾਰਾ ਕਰਦੇ ਹੋਏ ਕਿਹਾ। “ਇਹ ‘103’ ਹੈ, ਮੇਰੀ ਦੂਜੀ ਧੀ ਲਈ,” ਉਸਨੇ ਇੱਕ ਹੋਰ ਪਲਾਸਟਿਕ ਬੈਗ ਨੂੰ ਛੂਹਣ ਲਈ ਆਪਣਾ ਹੱਥ ਵਧਾਉਂਦੇ ਹੋਏ ਕਿਹਾ।

ਮਹੇਸ਼ ਸ਼ਰਮਾ ਇੱਕ ਪਾਰਦਰਸ਼ੀ ਪਲਾਸਟਿਕ ਦਾ ਬੈਗ ਖੋਲ੍ਹਦੇ ਹੋਏ ਜਿਸ ਵਿਚੋਂ ਉਨ੍ਹਾਂ ਦੀਆਂ ਮ੍ਰਿਤਕ ਧੀਆਂ ਦਾ ਸਮਾਨ ਦਿਖਾਈ ਦਿੰਦਾ ਹੈ।

23 ਜੂਨ, 1985 ਨੂੰ ਏਅਰ ਇੰਡੀਆ ਫਲਾਈਟ 182 ਦੇ ਅੰਦਰ ਰੱਖਿਆ ਇੱਕ ਬੰਬ ਆਇਰਲੈਂਡ ਦੇ ਤੱਟ ਤੋਂ ਕੁਝ ਦੂਰ ਐਟਲਾਂਟਿਕ ਮਹਾਂਸਾਗਰ ਦੇ ਉੱਪਰ ਫਟ ਗਿਆ, ਜਿਸ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ। ਇਹ ਜਹਾਜ਼ ਟੋਰਾਂਟੋ ਤੋਂ ਭਾਰਤ ਜਾ ਰਿਹਾ ਸੀ ਜਿਸ ਵਿੱਚ ਜ਼ਿਆਦਾਤਰ ਕੈਨੇਡੀਅਨ ਯਾਤਰੀ ਸਵਾਰ ਸਨ। ਉਸੇ ਸਮੇਂ ਜਾਪਾਨ ਦੇ ਨਾਰੀਤਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਹੋਰ ਬੰਬ ਫਟਿਆ। ਜਿਸ ਕਾਰਨ ਓਥੇ ਸਮਾਨ ਸੰਭਾਲਣ ਵਾਲੇ ਦੋ ਵਰਕਰ ਮਾਰੇ ਗਏ ਸਨ।

ਜਹਾਜ਼ ਵਿੱਚ ਸਵਾਰ 268 ਯਾਤਰੀ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਲਗਭਗ ਇੱਕ ਤਿਹਾਈ ਯਾਤਰੀ ਬੱਚੇ ਸਨ ਜਿਨ੍ਹਾਂ ਨੇ ਆਪਣੇ ਸਕੂਲ ਦਾ ਸਾਲ ਪੂਰਾ ਕੀਤਾ ਸੀ ਅਤੇ ਗਰਮੀਆਂ ਦੀਆਂ ਛੁੱਟੀਆਂ ਲਈ ਪਰਿਵਾਰ ਨਾਲ ਯਾਤਰਾ ਕਰ ਰਹੇ ਸਨ।

ਮਰਨ ਵਾਲੇ ਕੈਨੇਡੀਅਨ ਲੋਕਾਂ ਵਿੱਚ ਡਾਕਟਰ, ਨਰਸਾਂ, ਅਕਾਦਮਿਕ, ਇੰਜੀਨੀਅਰ ਅਤੇ ਵਿਗਿਆਨੀ ਸ਼ਾਮਲ ਸਨ। ਉਨ੍ਹਾਂ ਵਿੱਚੋਂ 43 ਸਾਲਾ ਉਮਾ ਵੀ ਸੀ ਜੋ ਕਿ ਜੀਵ ਵਿਗਿਆਨ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਕੇ ਇੱਕ ਨਿਪੁੰਨ ਖੋਜਕਰਤਾ ਬਣ ਗਈ ਸੀ। ਉਹ ਆਪਣੀ 66 ਸਾਲਾ ਮਾਂ ਸ਼ਕੁੰਤਲਾ, ਜੋ ਕਿ ਭਾਰਤ ਵਿੱਚ ਇੱਕ ਹਾਈ ਸਕੂਲ ਦੀ ਉਪ-ਪ੍ਰਿੰਸੀਪਲ ਸੀ, ਅਤੇ ਆਪਣੀਆਂ ਦੋ ਧੀਆਂ, 14 ਸਾਲਾ ਸੰਧਿਆ ਅਤੇ 11 ਸਾਲਾ ਸਵਾਤੀ ਨਾਲ ਯਾਤਰਾ ਕਰ ਰਹੀ ਸੀ ਜੋ ਕਿ ਪੜ੍ਹਣ ਵਿਚ ਬਹੁਤ ਹੋਸ਼ਿਆਰ ਸਨ।

ਮਹੇਸ਼ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਜਿਸ ਦਿਨ ਉਹ ਪੂਰੇ ਹੋਣਗੇ, ਉਨ੍ਹਾਂ ਦੀਆਂ ਅਸਥੀਆਂ ਨੂੰ ਉਸਦੀਆਂ ਮ੍ਰਿਤਕ ਧੀਆਂ ਦੇ ਕੱਪੜਿਆਂ ਦੇ ਨਾਲ ਗੰਗਾ ਵਿੱਚ ਵਹਾਇਆ ਜਾਵੇ। ਸ਼ਰਮਾ ਕੋਲ ਇਸ ਪਿੱਛੇ ਕੋਈ ਤਰਕਪੂਰਨ ਕਾਰਨ ਨਹੀਂ ਹੈ। ਇਹ ਸਿਰਫ ਉਨ੍ਹਾਂ ਦੀਆਂ ਭਾਵਨਾਵਾਂ ਹਨ।

ਬੰਬ ਧਮਾਕੇ ਤੋਂ ਬਾਅਦ ਪੀੜਤਾਂ ਦੇ ਪਰਿਵਾਰ ਆਪਣੇ ਅਜ਼ੀਜ਼ਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਆਇਰਲੈਂਡ ਗਏ। ਪਰ ਅਧਿਕਾਰੀਆਂ ਨੇ ਸਮੁੰਦਰ ਵਿੱਚੋਂ ਸਿਰਫ਼ 132 ਲਾਸ਼ਾਂ ਹੀ ਬਰਾਮਦ ਕੀਤੀਆਂ। ਨਾ ਮਿਲਣ ਵਾਲੀਆਂ ਬਾਕੀ ਦੀਆਂ 197 ਲਾਸ਼ਾਂ ਵਿੱਚ ਉਮਾ ਦੀ ਲਾਸ਼ ਵੀ ਸ਼ਾਮਲ ਸੀ ਜੋ ਕਦੇ ਨਹੀਂ ਮਿਲੀ ਅਤੇ ਹਮੇਸ਼ਾ ਲਈ ਸਮੁੰਦਰ ਵਿੱਚ ਗੁਆਚ ਗਈ।

ਮਹੇਸ਼ ਸ਼ਰਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਉਸ ਸਮੇਂ ਉਨ੍ਹਾਂ ਦੇ ਨਾਲ ਆਇਰਲੈਂਡ ਗਿਆ ਸੀ। ਉਸਨੇ ਕਿਹਾ, ‘ਮਹੇਸ਼, ਲਾਸ਼ਾਂ ਨੂੰ ਨਾ ਦੇਖਣਾ ਹੀ ਬਿਹਤਰ ਹੈ। ਤੈਨੂੰ ਉਨ੍ਹਾਂ ਨੂੰ ਉਸੇ ਤਰ੍ਹਾਂ ਯਾਦ ਰੱਖਣਾ ਚਾਹੀਦਾ ਹੈ ਜਿਵੇਂ ਤੂੰ ਉਨ੍ਹਾਂ ਨੂੰ ਆਖਰੀ ਵਾਰ ਦੇਖਿਆ ਸੀ।’

ਸ਼ਰਮਾਂ ਨੇ ਅੱਗੋਂ ਕਿਹਾ ਕਿ “ਮੈਨੂੰ ਲੱਗਦਾ ਹੈ ਕਿ ਇਹ ਇੱਕ ਚੰਗਾ ਵਿਚਾਰ ਸੀ। ਹੁਣ ਮੈਨੂੰ ਉਹ ਉਸੇ ਤਰ੍ਹਾਂ ਯਾਦ ਹਨ ਜਿਵੇਂ ਮੈਂ ਉਨ੍ਹਾਂ ਨੂੰ ਆਖਰੀ ਵਾਰ ਦੇਖਿਆ ਸੀ।”

ਫਿਰ ਮਹੇਸ਼ ਸ਼ਰਮਾਂ ਨੇ ਆਪਣੀ ਜੇਬ ਵਿੱਚੋਂ ਆਪਣਾ ਬਟੂਆ ਕੱਢਿਆ। ਉਸ ਵਿੱਚੋਂ ਉਨ੍ਹਾਂ ਉਮਾ, ਸ਼ਕੁੰਤਲਾ, ਸੰਧਿਆ ਅਤੇ ਸਵਾਤੀ ਦੀ ਇੱਕ ਫੋਟੋ ਦਿਖਾਈ ਜੋ ਉਹ ਹਮੇਸ਼ਾ ਆਪਣੇ ਕੋਲ ਰੱਖਦੇ ਹਨ। ਇਹ ਆਖਰੀ ਵਾਰ ਸੀ ਜਦੋਂ ਮਹੇਸ਼ ਨੇ ਆਪਣੇ ਪਰਿਵਾਰ ਨੂੰ ਇਕੱਠੇ ਦੇਖਿਆ ਸੀ।

“ਇਨ੍ਹਾਂ ਤਸਵੀਰਾਂ ਨੇ ਸਾਨੂੰ ਮੇਰੀਆਂ ਦੋ ਧੀਆਂ ਦੀਆਂ ਲਾਸ਼ਾਂ ਦੀ ਪਹਿਚਾਣ ਕਰਨ ਵਿੱਚ ਮਦਦ ਕੀਤੀ,” ਉਨ੍ਹਾਂ ਕਿਹਾ।

ਏਅਰ ਇੰਡੀਆ ਬੰਬ ਧਮਾਕੇ ਨੂੰ ‘ਭਾਰਤੀ ਦੁਖਾਂਤ’ ਕਰਾਰ ਦਿੱਤਾ ਗਿਆ

ਏਅਰ ਇੰਡੀਆ ਫਲਾਈਟ 182 ਉੱਪਰ ਹੋਇਆ ਬੰਬ ਧਮਾਕਾ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਭਿਆਨਕ ਸਮੂਹਿਕ ਕਤਲੇਆਮ ਹੈ। ਇਹ ਇੱਕ ਅੱਤਵਾਦੀ ਹਮਲਾ ਸੀ ਜਿਸਦੀ ਯੋਜਨਾ ਕੈਨੇਡਾ ਵਿੱਚ ਬਣਾਈ ਗਈ ਸੀ ਅਤੇ ਇਥੇ ਹੀ ਇਸਨੂੰ ਅੰਜਾਮ ਦਿੱਤਾ ਗਿਆ ਸੀ। ਪਰ ਮਾਰਚ ਵਿੱਚ ਸਿਟੀਨਿਊਜ਼-ਲੈਜੇ ਦੁਆਰਾ ਕੀਤੇ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਕੈਨੇਡੀਅਨ ਇਸ ਦੁਖਾਂਤ ਤੋਂ ਅਣਜਾਣ ਹਨ। ਫਲਾਈਟ 182 ਦੇ ਜ਼ਿਆਦਾਤਰ ਯਾਤਰੀ ਕੈਨੇਡੀਅਨ ਸਨ ਪਰ ਪੀੜਤ ਪਰਿਵਾਰਾਂ ਦਾ ਮੰਨਣਾ ਹੈ ਕਿ ਸਰਕਾਰ ਉਨ੍ਹਾਂ ਨੂੰ ਕੈਨੇਡੀਅਨ ਵਜੋਂ ਦੇਖਣ ਵਿੱਚ ਅਸਫਲ ਰਹੀ।

“ਇਹ ਅਸਲ ਵਿੱਚ ਕੈਨੇਡੀਅਨ ਪਹਿਚਾਣ ਦੇ ਵਿਚਾਰ ‘ਤੇ ਸਵਾਲ ਉਠਾਉਂਦਾ ਹੈ,” ਮੀਰਾ ਕਚਰੂ ਨੇ ਕਿਹਾ, ਜਿਸਨੇ ਆਪਣੀ ਦਾਦੀ, ਮੋਹਨ ਰਾਣੀ ਕਚਰੂ ਨੂੰ ਏਅਰ ਇੰਡੀਆ ਬੰਬ ਧਮਾਕੇ ਵਿੱਚ ਗੁਆ ਦਿੱਤਾ ਸੀ। “ਰਾਜਨੀਤਿਕ ਪੱਧਰ ‘ਤੇ, ਕੈਨੇਡੀਅਨ ਨਾਗਰਿਕਾਂ, ਕੈਨੇਡੀਅਨ ਬੱਚਿਆਂ ਦੇ ਨੁਕਸਾਨ ਨੂੰ ਵੀ ਇੱਕ ਭਾਰਤੀ ਦੁਖਾਂਤ ਵਜੋਂ ਖਾਰਜ ਕਰ ਦਿੱਤਾ ਗਿਆ ਸੀ।” ਉਸਨੇ ਅੱਗੇ ਕਿਹਾ, “ਇਹ ਸੱਚਮੁੱਚ ਕੈਨੇਡਾ ਵਿੱਚ ਪ੍ਰਵਾਸੀ ਭਾਈਚਾਰਿਆਂ ਅਤੇ ਇੱਥੇ ਵਸਣ ਵਾਲੇ ਭਾਈਚਾਰਿਆਂ ਵਿਚਕਾਰ ਤਣਾਅ ਨੂੰ ਉਜਾਗਰ ਕਰਦਾ ਹੈ।”

ਸਸਕੈਟੂਨ ਵਿੱਚ ਆਪਣੇ ਘਰ ਅੰਦਰ, ਮੀਰਾ ਆਪਣੇ ਪਰਿਵਾਰਕ ਫੋਟੋ ਐਲਬਮ ਨੂੰ ਪਲਟਦੇ ਹੋਏ ਪੁਰਾਣੇ ਦਿਨਾਂ ਨੂੰ ਯਾਦ ਕਰਦੀ ਹੈ। ਸੋਫੇ ‘ਤੇ ਬੈਠੇ ਉਸਦੇ ਮਾਂ-ਬਾਪ ਉਸਨੂੰ ਉਸਦੀ ਸਵਰਗੀ ਦਾਦੀ ਦੀਆਂ ਫੋਟੋਆਂ ਵੱਲ ਇਸ਼ਾਰਾ ਕਰਦੇ ਹਨ। ਤਸਵੀਰਾਂ ਵਿੱਚ ਮੋਹਨ ਰਾਣੀ, ਛੋਟੀ ਮੀਰਾ ਅਤੇ ਉਸ ਦੀ ਭੈਣ ਨਾਲ ਦਿਖਾਈ ਦਿੰਦੇ ਹਨ। ਮੀਰਾ ਆਪਣੀ ਦਾਦੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੋਈ ਕੁਝ ਕਿੱਸੇ ਸੁਣਾਉਂਦੀ ਹੈ।

DESCRIPTION: ਮੀਰਾ ਆਪਣੇ ਮਾਪਿਆਂ ਨਾਲ ਇੱਕ ਪਰਿਵਾਰਕ ਫੋਟੋ ਐਲਬਮ ਦੇਖ ਰਹੀ ਹੈ।
ਮੀਰਾ ਆਪਣੇ ਮਾਪਿਆਂ ਨਾਲ ਇੱਕ ਪਰਿਵਾਰਕ ਫੋਟੋ ਐਲਬਮ ਦੇਖ ਰਹੀ ਹੈ।

“ਜਦੋਂ ਉਹ ਕੈਨੇਡਾ ਆਏ, ਉਨ੍ਹਾਂ ਨੂੰ ਪੈਂਟ ਪਹਿਨਣਾ ਬਹੁਤ ਪਸੰਦ ਸੀ, ਅਤੇ ਮੇਰੀ ਮਾਂ ਉਨ੍ਹਾਂ ਲਈ ਕੱਪੜੇ ਬਣਾਉਂਦੀ ਸੀ। ਉਹ ਜ਼ਿਆਦਾਤਰ ਸਮਾਂ ਪੱਛਮੀ ਕੱਪੜੇ ਪਾਉਂਦੀ ਸੀ, ਅਤੇ ਉਸਨੂੰ ਇਹ ਕਰਨਾ ਬਹੁਤ ਪਸੰਦ ਸੀ।”

ਮੋਹਨ ਰਾਣੀ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਵਿੱਚ ਨਵੀਂ ਆਜ਼ਾਦੀ ਮਿਲੀ, ਉਹ ਸੱਭਿਆਚਾਰਕ ਨਿਯਮਾਂ ਨਾਲ ਬੱਝੀ ਮਹਿਸੂਸ ਨਹੀਂ ਕਰਦੀ ਸੀ, ਅਤੇ ਜਲਦੀ ਹੀ ਕੈਨੇਡੀਅਨ ਜੀਵਨ ਦੇ ਅਨੁਕੂਲ ਹੋ ਗਈ।

ਮੋਹਨ ਰਾਣੀ ਦੀ ਇੱਕ ਫੋਟੋ ਵਿੱਚ ਉਹ ਇੱਕ ਕਿਤਾਬਾਂ ਦੀ ਅਲਮਾਰੀ ਦੇ ਕੋਲ ਸੋਫੇ ਤੇ ਬੈਠੇ ਹੋਏ ਬੁਣਾਈ ਕਰਦੇ ਦਿਖਾਈ ਦੇ ਰਹੇ ਹਨ।
ਮੋਹਨ ਰਾਣੀ ਦੀ ਇੱਕ ਫੋਟੋ ਵਿੱਚ ਉਹ ਇੱਕ ਕਿਤਾਬਾਂ ਦੀ ਅਲਮਾਰੀ ਦੇ ਕੋਲ ਸੋਫੇ ਤੇ ਬੈਠੇ ਹੋਏ ਬੁਣਾਈ ਕਰਦੇ ਦਿਖਾਈ ਦੇ ਰਹੇ ਹਨ।

ਪਰਿਵਾਰ ਨੇ ਦੱਸਿਆ ਕਿ ਮੋਹਨ ਭਾਰਤ ਜਾਣ ਲਈ ਉਤਸੁਕ ਸੀ ਅਤੇ ਸੁਰੱਖਿਅਤ ਮਹਿਸੂਸ ਕਰ ਰਹੀ ਸੀ। ਉਹ ਘਰ ਜਾ ਕੇ ਕੈਨੇਡਾ ਆਉਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਆਈਆਂ ਤਬਦੀਲੀਆਂ ਨੂੰ ਦਿਖਾਉਣਾ ਚਾਹੁੰਦੀ ਸੀ।

ਕੈਨੇਡੀਅਨ ਸਰਕਾਰ ਤੋਂ ਸਹਾਇਤਾ ਦੀ ਘਾਟ

ਜਦੋਂ ਡਾਕਟਰ ਬਲ ਗੁਪਤਾ ਆਪਣੀ ਪਤਨੀ ਰਾਮਵਤੀ ਦੀ ਲਾਸ਼ ਦੀ ਪਹਿਚਾਣ ਕਰਨ ਲਈ ਆਇਰਲੈਂਡ ਦੇ ਕਾਰਕ ਖੇਤਰ ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਓਥੇ ਕੈਨੇਡੀਅਨ ਸਰਕਾਰ ਦੀ ਅਣਹੋਂਦ ਮਹਿਸੂਸ ਹੋਈ। ਡਾਕਟਰ ਗੁਪਤਾ ਨੇ ਕਿਹਾ, “ਹਸਪਤਾਲ ਵਿੱਚ ਆਇਰਿਸ਼ ਸਰਕਾਰ, ਬ੍ਰਿਟਿਸ਼ ਸਰਕਾਰ, ਅਮਰੀਕੀ ਸਰਕਾਰ ਅਤੇ ਭਾਰਤ ਸਰਕਾਰ ਦੇ ਨੁਮਾਇੰਦੇ ਮੌਜੂਦ ਸਨ। ਕੈਨੇਡੀਅਨ ਸਰਕਾਰ ਦਾ ਕੋਈ ਵੀ ਨੁਮਾਇੰਦਾ ਹਸਪਤਾਲ ਵਿੱਚ ਮੌਜੂਦ ਨਹੀਂ ਸੀ।”

ਏਅਰ ਇੰਡੀਆ 182 ਵਿਕਟਿਮਜ਼ ਫੈਮਿਲੀ ਐਸੋਸੀਏਸ਼ਨ (AIVFA) ਦੇ ਚੇਅਰ ਵਜੋਂ ਕੰਮ ਕਰ ਰਹੇ ਡਾ. ਗੁਪਤਾ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੇ ਬੰਬ ਧਮਾਕੇ ਨੂੰ ਕੈਨੇਡੀਅਨ ਦੁਖਾਂਤ ਵਜੋਂ ਮਾਨਤਾ ਨਹੀਂ ਦਿੱਤੀ। ਉਨ੍ਹਾਂ ਅੱਗੋਂ ਦੱਸਿਆ ਕਿ ਉਸ ਸਮੇਂ ਉਹ ਕੁਝ ਗੁੱਸੇ ਵਿੱਚ ਆ ਗਏ ਸਨ ਅਤੇ ਹੋ ਸਕਦਾ ਹੈ ਕਿ ਉਨ੍ਹਾਂ ਨੇ ਗੈਰ-ਸੰਸਦੀ ਭਾਸ਼ਾ ਦੀ ਵਰਤੋਂ ਕੀਤੀ ਹੋਵੇ। ਪਰ ਅਗਲੀ ਸਵੇਰ ਕੈਨੇਡੀਅਨ ਹਾਈ ਕਮਿਸ਼ਨ ਦਾ ਇੱਕ ਕੈਨੇਡੀਅਨ ਪ੍ਰਤੀਨਿਧੀ ਉੱਥੇ ਪਹੁੰਚ ਗਿਆ ਸੀ।

ਉਨ੍ਹਾਂ ਕਿਹਾ “ਰਾਮਵਤੀ ਨੇ ਪਰਿਵਾਰ ਤੋਂ ਪਹਿਲਾਂ ਭਾਰਤ ਲਈ ਉਡਾਣ ਭਰੀ ਤਾਂ ਜੋ ਉਹ ਬਾਕੀ ਪਰਿਵਾਰ ਦੇ ਆਉਣ ਤੋਂ ਪਹਿਲਾਂ ਆਪਣੇ ਮਾਪਿਆਂ ਨਾਲ ਦੋ ਵਾਧੂ ਹਫ਼ਤੇ ਬਿਤਾ ਸਕੇ,”। ਡਾ. ਗੁਪਤਾ ਨੇ ਆਪਣੀ ਪਤਨੀ ਨੂੰ ਹੱਸਮੁੱਖ, ਪਿਆਰ ਕਰਨ ਵਾਲੀ ਅਤੇ ਪਰਿਵਾਰਕ ਵਿਅਕਤੀ ਵੱਜੋਂ ਯਾਦ ਕੀਤਾ।

37 ਸਾਲਾ ਰਾਮਵਤੀ ਗੁਪਤਾ ਦੀ ਫੋਟੋ।
37 ਸਾਲਾ ਰਾਮਵਤੀ ਗੁਪਤਾ ਦੀ ਫੋਟੋ।

ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਫੈਡਰਲ ਸਰਕਾਰ ਦੀ ਸ਼ੁਰੂਆਤੀ ਪ੍ਰਤੀਕਿਰਿਆ ਵਿੱਚ ਦੇਰੀ ਹੋਈ ਸੀ। ਬੰਬ ਧਮਾਕਿਆਂ ਦਾ ਮੁਕੱਦਮਾ ਲਗਭਗ ਦੋ ਦਹਾਕੇ ਬਾਅਦ ਚਲਾਇਆ ਗਿਆ।

“ਮੈਂ ਆਪਣੀ ਮਾਂ ਨੂੰ ਗੁਆ ਦਿੱਤਾ ਅਤੇ ਇਸਦੀ ਕੋਈ ਮਾਨਤਾ ਨਹੀਂ ਮਿਲੀ। ਸਰਕਾਰੀ ਸੰਸਥਾਵਾਂ ਤੋਂ ਕੋਈ ਮਾਨਤਾ ਨਹੀਂ ਮਿਲੀ, ਸਾਡੇ ਚੁਣੇ ਹੋਏ ਅਧਿਕਾਰੀਆਂ ਤੋਂ ਕੋਈ ਮਾਨਤਾ ਨਹੀਂ ਮਿਲੀ,” ਸੁਸ਼ੀਲ ਗੁਪਤਾ ਨੇ ਕਿਹਾ। ਉਹ ਸਿਰਫ਼ 12 ਸਾਲ ਦਾ ਸੀ ਜਦੋਂ ਉਸਦੀ ਮਾਂ ਇੱਕ ਬੰਬ ਧਮਾਕੇ ਵਿੱਚ ਮਾਰੀ ਗਈ ਸੀ।

ਕੈਨੇਡੀਅਨ ਇਤਿਹਾਸ ਦੀ ਸਭ ਤੋਂ ਲੰਬੀ ਅਤੇ ਮਹਿੰਗੀ ਜਾਂਚ

ਇਹ ਮੁਕੱਦਮਾ ਬੰਬ ਧਮਾਕੇ ਤੋਂ ਲਗਭਗ 18 ਸਾਲ ਬਾਅਦ ਸ਼ੁਰੂ ਹੋਇਆ ਸੀ ਅਤੇ ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਲੰਬੀ ਅਤੇ ਸਭ ਤੋਂ ਮਹਿੰਗੀ ਪੁੱਛਗਿੱਛ ਸਾਬਤ ਹੋਈ।

ਮੀਰਾ ਨੇ ਕਿਹਾ “ਇਹ ਸਭ ਕੁਝ ਸਿਰਫ਼ ਇੱਕ ਜਾਂ ਦੋ ਲੋਕਾਂ ਨੂੰ ਬਰੀ ਕਰਨ ਲਈ ਹੋਇਆ ਅਤੇ ਇਹ ਬਹੁਤ ਨਿਰਾਸ਼ਾਜਨਕ ਹੈ,”।

ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਉੱਪਰ ਮੁਕੱਦਮਾ ਚਲਾਇਆ ਗਿਆ ਜਿਨ੍ਹਾਂ ਨੂੰ ਦੋਸ਼ੀ ਨਹੀਂ ਪਾਇਆ ਗਿਆ ਅਤੇ ਉਹ ਦੋਨੋਂ ਸਾਲ 2005 ਵਿਚ ਛੁੱਟ ਗਏ ਸਨ। ਜ਼ਿਕਰਯੋਗ ਹੈ ਕਿ ਮਲਿਕ ਦਾ ਸਾਲ 2022 ਵਿੱਚ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ ਉਸਦੇ ਕਾਰੋਬਾਰ ਦੇ ਬਾਹਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮੀਰਾ ਨੇ ਅੱਗੇ ਕਿਹਾ, “ਕੈਨੇਡਾ ਵਿੱਚ ਰਾਜਨੀਤਕ ਲੀਡਰਸ਼ਿਪ ਵਿੱਚ ਵੀ ਇਸ ਬਾਰੇ ਜਾਗਰੂਕਤਾ ਦੀ ਘਾਟ ਸੀ… ਮੈਂ ਪੂਰੀ ਤਰ੍ਹਾਂ ਹੈਰਾਨ ਸੀ ਕਿ ਮੈਂ ਇੱਕ ਚੁਣੇ ਹੋਏ ਸੰਸਦ ਮੈਂਬਰ ਤੋਂ ਵੱਧ ਜਾਣਦੀ ਸੀ।”

ਇਸ ਅੱਤਵਾਦੀ ਹਮਲੇ ਦੀਆਂ ਜੜ੍ਹਾਂ ਸਿੱਖ ਖਾੜਕੂ ਲਹਿਰ, 1984 ਵਿੱਚ ਹਰਿਮੰਦਰ ਸਾਹਿਬ ਤੇ ਹੋਏ ਹਮਲੇ ਅਤੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦੀਆਂ ਘਟਨਾਵਾਂ ਨਾਲ ਜੁੜੀਆਂ ਹੋਈਆਂ ਹਨ।

ਸਿੱਖ ਕੱਟੜਪੰਥੀ ਤਲਵਿੰਦਰ ਸਿੰਘ ਪਰਮਾਰ ਨੂੰ ਏਅਰ ਇੰਡੀਆ ਬੰਬ ਧਮਾਕੇ ਦੇ “ਮਾਸਟਰਮਾਈਂਡ” ਵਜੋਂ ਪਹਚਾਣਿਆ ਗਿਆ ਸੀ। ਉਹ ਬੱਬਰ ਖਾਲਸਾ ਦਾ ਪ੍ਰਮੁੱਖ ਨੇਤਾ ਸੀ, ਜੋ ਕਿ ਕੈਨੇਡਾ ਅਤੇ ਭਾਰਤ ਦੋਵਾਂ ਵਿੱਚ ਸੂਚੀਬੱਧ ਅੱਤਵਾਦੀ ਸੰਗਠਨ ਹੈ। ਬੰਬ ਧਮਾਕਿਆਂ ਤੋਂ ਬਾਅਦ ਪਰਮਾਰ ਭਾਰਤ ਵਾਪਸ ਪਰਤਿਆ ਜਿੱਥੇ ਉਹ ਕਥਿਤ ਤੌਰ ‘ਤੇ 1992 ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਵਿੱਚ ਮਾਰਿਆ ਗਿਆ।

ਇਸ ਮਾਮਲੇ ਦਾ ਇਕਲੌਤਾ ਦੋਸ਼ੀ ਇੰਦਰਜੀਤ ਸਿੰਘ ਰਿਆਤ ਸੀ, ਜਿਸਨੇ 1985 ਵਿਚ ਏਅਰ ਇੰਡਿਆ 182 ਬੰਬ ਧਮਾਕੇ ਅਤੇ ਦੁਰਘਟਨਾ ਲਈ ਕਤਲ ਦੇ ਇੱਕ ਦੋਸ਼ ਅਤੇ ਬੰਬ ਬਣਾਉਣ ਨਾਲ ਸਬੰਧਤ ਮਾਮਲੇ ਵਿਚ ਦੋਸ਼ ਮੰਨਿਆ ਸੀ। ਉਸਨੂੰ ਸ਼ੁਰੂ ਵਿੱਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ਵਿੱਚ ਝੂਠੀ ਗਵਾਹੀ ਲਈ ਉਸਨੂੰ ਨੌਂ ਸਾਲ ਦੀ ਹੋਰ ਕੈਦ ਦੀ ਸਜ਼ਾ ਸੁਣਾਈ ਗਈ।

ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਨੇ ਸਾਲ 2006 ਵਿੱਚ ਏਅਰ ਇੰਡੀਆ ਬੰਬ ਧਮਾਕੇ ਦੀ ਇੱਕ ਜਨਤਕ ਜਾਂਚ ਸ਼ੁਰੂ ਕੀਤੀ ਸੀ। ਜਾਂਚ ਵਿੱਚ ਆਰਸੀਐਮਪੀ ਅਤੇ ਸੀਐਸਆਈਐਸ ਵਰਗੀਆਂ ਸਰਕਾਰੀ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਕਈ ਗਲਤੀਆਂ ਪਾਈਆਂ ਗਈਆਂ ਅਤੇ ਇਹ ਸਿੱਟਾ ਕੱਢਿਆ ਗਿਆ ਕਿ ਉਹ ਅੱਤਵਾਦੀ ਹਮਲੇ ਨੂੰ ਰੋਕਣ ਵਿੱਚ ਅਸਫਲ ਰਹੀਆਂ। ਜਾਂਚ ਵਿੱਚ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਨੂੰ ਬਿਹਤਰ ਬਣਾਉਣ, ਅੱਤਵਾਦ ਦੇ ਮਾਮਲਿਆਂ ਲਈ ਅਪਰਾਧਿਕ ਮੁਕੱਦਮੇ ਦੀਆਂ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਖੁਫੀਆ ਏਜੰਸੀਆਂ ਵਿਚਕਾਰ ਸਹਿਯੋਗ ਨੂੰ ਵਧਾਉਣ ਵਾਰਗੀਆਂ ਕਈ ਸਿਫਾਰਸਾਂ ਕੀਤੀਆਂ ਗਈਆਂ।

ਇਸ ਬੰਬ ਧਮਾਕੇ ਵਿਚ ਅਨੀਤਾ ਧੰਜਲ ਦੀ ਭੈਣ ਇੰਦਰ ਕਲਸੀ ਵੀ ਮਾਰੀ ਗਈ ਸੀ। ਅਨੀਤਾ ਨੇ ਦੱਸਿਆ “ਉਨ੍ਹਾਂ ਨੂੰ (ਜਨਤਕ ਜਾਂਚ) ਬਹੁਤ ਸਾਰੀਆਂ ਗਲਤੀਆਂ ਮਿਲੀਆਂ। ਸਵਾਲ ਇਹ ਹੈ ਕਿ ਉਹਨਾ (ਏਜੰਸੀਆਂ ਨੇ) ਗਲਤੀਆਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ? ਉਹ ਜਾਣਦੇ ਸੀ ਕਿ ਕੁਝ ਕਾਰਵਾਈਆਂ ਹੋ ਰਹੀਆਂ ਸਨ, ਅੱਤਵਾਦੀਆਂ ਨਾਲ ਸਥਿਤੀ ਬਦਲ ਰਹੀ ਸੀ,”। “ਉਹਨਾ (ਏਜੰਸੀਆਂ) ਨੇ ਘਟਨਾਵਾਂ ਵਾਪਰਦੀਆਂ ਦੇਖੀਆਂ, ਪਰ ਫਿਰ ਵੀ ਉਨ੍ਹਾਂ ਲੋਕਾਂ ਨੂੰ (ਸ਼ੱਕੀ ਵਿਅਕਤੀਆਂ ਨੂੰ) ਸਵਾਲਾਂ ਦੇ ਘੇਰੇ ਵਿਚ ਨਹੀਂ ਲਿਆ”।

21 ਸਾਲ ਦੀ ਇੰਦਰਾ ਓਨਟਾਰੀਓ ਦੀ ਗੁਲਫ ਯੂਨੀਵਰਸਿਟੀ ਵਿੱਚ ਨਰਸਿੰਗ ਦੀ ਵਿਦਿਆਰਥਣ ਸੀ ਜੋ ਇੱਕ ਫਾਰਮੇਸੀ ਸਹਾਇਕ ਵਜੋਂ ਪਾਰਟ-ਟਾਈਮ ਕੰਮ ਕਰਦੀ ਸੀ। ਉਸਨੂੰ ਹਸਮੁੱਖ ਅਤੇ ਨਿਰਸਵਾਰਥ ਦੇਖਭਾਲ ਕਰਨ ਵਾਲੀ ਇੱਕ ਸਮਰਪਿਤ ਧੀ ਅਤੇ ਭੈਣ ਵਜੋਂ ਯਾਦ ਕੀਤਾ ਜਾਂਦਾ ਹੈ। ਅਨੀਤਾ ਨੇ ਅੱਗੋਂ ਦੱਸਿਆ “ਸਾਡੇ ਲਈ ਕੋਈ ਸਹਾਰਾ ਨਹੀਂ ਸੀ। ਸਾਰੇ ਸੋਗ ਮਨਾਉਣ ਵਾਲੇ ਪਰਿਵਾਰਾਂ ਲਈ ਕੋਈ ਸਹਾਰਾ ਨਹੀਂ ਸੀ। ਅਸੀਂ ਸਿਰਫ ਇਕੱਲਾਪਣ ਮਹਿਸੂਸ ਕੀਤਾ।”

21 ਸਾਲਾ ਇੰਦਰਾ ਕਲਸੀ ਦੀ ਫੋਟੋ, ਜੋ ਫਲਾਈਟ 182 'ਤੇ ਸਵਾਰ ਸੀ।
21 ਸਾਲਾ ਇੰਦਰਾ ਕਲਸੀ ਦੀ ਫੋਟੋ, ਜੋ ਫਲਾਈਟ 182 ‘ਤੇ ਸਵਾਰ ਸੀ।

ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਨੂੰ 40 ਸਾਲ ਬੀਤ ਗਏ ਹਨ।

ਕੈਨੇਡਾ ਅੰਦਰ 23 ਜੂਨ ਨੂੰ ਅੱਤਵਾਦ ਦੇ ਪੀੜਤਾਂ ਲਈ ਰਾਸ਼ਟਰੀ ਯਾਦਗਾਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਫਲਾਈਟ 182 ‘ਤੇ ਸਵਾਰ 329 ਪੀੜਤਾਂ ਦੀ ਪੂਰੀ ਸੂਚੀ ਇੱਥੇ ਪੜ੍ਹ ਸਕਦੇ ਹੋ।

ਜਦੋਂ ਕਿ ਬਹੁਤ ਸਾਰੇ ਪਰਿਵਾਰਾਂ ਨੇ ਕਿਹਾ ਕਿ ਉਨ੍ਹਾਂ ਨੇ ਇਨਸਾਫ ਦੀ ਉਮੀਦ ਗੁਆ ਦਿੱਤੀ ਹੈ, ਉਹ ਇਹ ਉਮੀਦ ਕਰ ਰਹੇ ਹਨ ਕਿ ਕੈਨੇਡੀਅਨ ਸਰਕਾਰ, ਕਾਨੂੰਨ ਲਾਗੂ ਕਰਨ ਵਾਲੀਆਂ ਅਤੇ ਖੂਫੀਆ ਏਜੰਸੀਆਂ ਭਵਿੱਖ ਵਿੱਚ ਇਸ ਤਰ੍ਹਾਂ ਦੇ ਦੁਖਾਂਤਾਂ ਨੂੰ ਦੁਹਰਾਉਣ ਤੋਂ ਰੋਕਣ ਲਈ ਵਧੇਰੇ ਚੌਕਸ ਰਹਿਣਗੀਆਂ।

ਸੁਸ਼ੀਲ ਗੁਪਤਾ ਨੇ ਕਿਹਾ, “ਅਸੀਂ ਪੀੜਤਾਂ ਦੇ ਨਕਾਰਾਤਮਕ ਤਜ਼ਰਬੇ, ਦਰਦਨਾਕ ਅਨੁਭਵ ਉਨ੍ਹਾਂ ਲੋਕਾਂ ਨੂੰ ਦੱਸ ਸਕਦੇ ਹਾਂ, ਜਿੰਨ੍ਹਾਂ ਦੇ ਕੋਲ ਕੈਨੇਡਾ ਦੀ ਸੇਵਾ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਅਤੇ ਜਨਾਦੇਸ਼ ਹੈ ਤਾਂ ਜੋ ਉਹ ਇਸ ਤੋਂ ਸਬਕ ਸਿੱਖ ਸਕਣ”।

ਓਮਨੀ ਨਿਊਜ਼ ਪੰਜਾਬੀ ਇਸ ਤ੍ਰਾਸਦੀ ਦੀ 40ਵੀਂ ਵਰ੍ਹੇਗੰਢ ਮੌਕੇ ਇੱਕ ਵਿਸ਼ੇਸ਼ ਪ੍ਰੋਗਰਾਮ ਪ੍ਰਸਾਰਤ ਕਰ ਰਿਹਾ ਹੈ। ਜਿਸ ਵਿੱਚ ਇਸ ਗੱਲ ਤੇ ਰੌਸ਼ਨੀ ਪਾਈ ਜਾ ਰਹੀ ਹੈ ਕਿ ਇਸ ਦੁਖਾਂਤ ਅਤੇ ਕੈਨੇਡਾ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਨੂੰ ਕਿਵੇਂ ਅਣਦੇਖਾ ਕੀਤਾ ਗਿਆ ਸੀ ਜਦਕਿ ਪਰਿਵਾਰ ਅੱਜ ਵੀ ਇਨਸਾਫ਼ ਅਤੇ ਦਰਦ ਤੋਂ ਰਾਹਤ ਪਾਉਣ ਲਈ ਜੱਦੋਜਹਿਦ ਕਰ ਰਹੇ ਹਨ।

ਓਨਟਾਰੀਓ, ਬੀਸੀ ਅਤੇ ਅਲਬਰਟਾ ਅੰਦਰ ਪੰਜਬੀ ਵਿਚ ਇਸ ਵਿਸ਼ੇਸ਼ ਪ੍ਰੋਗਰਾਮ ਦਾ ਰੀਪੀਟ ਪ੍ਰਸਾਰਨ ਹੇਠ ਲਿਖੇ ਸਮੇਂ ਤੇ ਕੀਤਾ ਜਾਵੇਗਾ:

ਏਅਰ ਇੰਡੀਆ ਫਲਾਈਟ 182 ਦੇ ਵਿਸਰੇ ਕੈਨੇਡੀਅਨਜ਼

ਸੋਮਵਾਰ, ਜੂਨ 16 ਸ਼ਾਮ 6:30 ਵਜੇ

ਸ਼ਨੀਵਾਰ, ਜੂਨ 21 ਸ਼ਾਮ 7:30 ਵਜੇ

ਸੋਮਵਾਰ, ਜੂਨ 23 ਸ਼ਾਮ 6:30 ਵਜੇ

Top Stories

Top Stories

Most Watched Today